ਈਸੜੂ/ਲੁਧਿਆਣਾ ( ਜਸਟਿਸ ਨਿਊਜ਼ )
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਦਿੱਲੀ ਵਿਚ ਰਚੀਆਂ ਸਾਜ਼ਿਸ਼ਾਂ ਨੂੰ ਮਾਤ ਪਾਉਣ ਤੇ ਪਾਰਟੀ ਨੇ ਪੰਥ ਨੂੰ ਵੰਡਣ ਅਤੇ ਇਸਦੀਆਂ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਦੀ ਅਗਵਾਈ ਕਰਨ ’ਤੇ ਗਿਆਨੀ ਹਰਪ੍ਰੀਤ ਸਿੰਘ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਸ ਸਿਆਸੀ ਕਾਨਫਰੰਸ ਜੋ ਕੱਲ੍ਹ ਸ਼ਹੀਦ ਕਰਨੈਲ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਇਥੇ ਆਯੋਜਿਤ ਕੀਤੀ ਗਈ ਸੀ, ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਜਿਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੋਸ਼ਲ ਮੀਡੀਆ ’ਤੇ ਲੋਕ ਲਹਿਰ ਆਰੰਭ ਕਰਨ ਕਿਉਂਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਜਿਹਨਾਂ ਦੀ 20 ਸਾਲ ਦੀ ਸਜ਼ਾ ਪੂਰੀ ਹੋ ਗਈ, ਉਹਨਾਂ ਨੂੰ ਜੇਲ੍ਹ ਵਿਚ ਰੱਖਣਾ ਵਿਅਕਤੀ ਦੇ ਮਨੁੱਖੀ ਅਧਿਕਾਰ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘ 28 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਅਤੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲਕੀਤੀ ਕਿ ਸੋਸ਼ਲ ਮੀਡੀਆ ’ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਨਿੱਜੀ ਅਪੀਲਾਂ ਕਰਨ।
ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਤੋਂ ਸੁਚੇਤ ਰਹਿਣ ਅਤੇ ਕਿਹਾ ਕਿ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਧੋਖਾ ਦੇਣ ਵਾਸਤੇ ’ਡੁਪਲੀਕੇਟਾਂ’ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਕੁਝ ਆਗੂ ਇਹ ਦਾਅਵਾ ਕਰਨ ਦਾ ਯਤਨ ਕਰਰਹੇ ਹਨ ਕਿ ਉਹ ਹੀ ਅਸਲ ਸ਼੍ਰੋਮਣੀ ਅਕਾਲੀ ਦਲ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਆਪਣੀ ਦੁਕਾਨਦਾਰੀ ਖੋਲ੍ਹ ਲਈ ਅਤੇ ਲੋਕਾਂ ਨੂੰ ਧੋਖਾ ਦੇਣ ਵਾਸਤੇ ਅਕਾਲੀ ਦਲ ਵਿਰਾਸਤ ਨੂੰ ਆਪਣੀ ਝੋਲੀ ਪਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹਨਾਂ ’ਡੁਪਲੀਕੇਟਾਂ’ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ।
ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ’ਤੇ ਹੋਰ ਚਾਨਣਾ ਪਾਉਂਦਿਆਂ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਥਾਪਿਤ ਕੀਤੇ ’ਵੱਖਰੇ ਚੁੱਲ੍ਹੇ’ ਨੇ ਉਹਨਾਂ ਦੀ ਅਸਲ ਮਨਸ਼ਾ ਬੇਨਕਾਬ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਉਹਨਾਂ ਨੇ ਤਾਂ 2 ਦਸੰਬਰ ਨੂੰ ਜਾਰੀ ਆਪਣੇ ਹੀ ਹੁਕਮਨਾਮੇ ਦੀ ਪਰਵਾਹ ਕੀਤੇ ਬਗੈਰ ਹੀ ਆਪਣੀ ਨਵੀਂ ਜਥੇਬੰਦੀ ਬਣਾ ਲਈ ਸੀ। ਉਹਨਾਂ ਕਿਹਾ ਕਿ ਦਿੱਲੀ ਦਰਬਾਰ ਦਾ ਮੋਹਰਾ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਹੁਣ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਫਤਰ ਦੇ ਨਾਲ-ਨਾਲ ਚੋਣ ਨਿਸ਼ਾਨ ’ਤੇ ਵੀ ਕਬਜ਼ਾ ਕਰਨ ਦੀਆਂ ਗੱਲਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸਣਾ ਚਾਹੁੰਦੇ ਹਨ ਕਿ ਪੰਥ ਪੰਥ ਨੇ ਪਹਿਲਾਂ ਵੀ ਕਦੇ ਅਜਿਹੀਆਂ ਧਮਕੀਆਂ ਦੀ ਪਰਵਾਹ ਨਹੀਂ ਕੀਤੀ ਤੇ ਅੱਗੇ ਵੀ ਨਹੀਂ ਕਰੇਗਾ।
ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਧੋਖਾ ਦੇਣ ਦੀ ਵੀ ਨਿਖੇਧੀ ਕੀਤੀ, ਉਹ ਕਮੇਟੀ ਜਿਸਨੇ ਉਹਨਾਂ ਨੂੰ ਵਿਦਿਆ ਦਿੱਤੀ ਤੇ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਤਿਕਾਰਯੋਗ ਅਹੁਦੇ ਨਾਲ ਨਿਵਾਜਿਆ।
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਲਾਲਸਾ ਤੇ ਮੌਕਾਪ੍ਰਸਤੀ ਨਾਲ ਭਰੇ ਹੋਏ ਹਨ ਅਤੇ ਕੇਂਦਰੀ ਏਜੰਸੀਆਂ ਦੇ ਏਜੰਟ ਬਣ ਕੇ ਪੰਥ ਨੂੰ ਵੰਡਣਾ ਚਾਹੁੰਦੇ ਹਨ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਦਫਤਰ ’ਤੇ ਧੱਕੇ ਨਾਲ ਕਬਜ਼ਾ ਕਰਨ ਦੇ ਬਿਆਨ ਨਾਲ ਹਿੰਸਾ ਭੜਕਾਉਣ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ।
ਇਸ ਮੌਕੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ,ਸ਼ਰਨਜੀਤ ਸਿੰਘ ਢਿੱਲੋਂ, ਦਰਬਾਰਾ ਸਿੰਘ ਗੁਰੂ, ਅਮਰਜੀਤ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਯਾਦਵਿੰਦਰ ਸਿੰਘ ਯਾਦੂ ਅਤੇ ਪਰਮਜੀਤ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ ਅਤੇ ਕਰਨੈਲ ਸਿੰਘ ਈਸੜੂ ਦੀ ਸ਼ਹੀਦੀ ਬਾਰੇ ਵਿਸਥਾਰ ਸਾਂਝਾ ਕੀਤਾ। ਉਹਨਾਂ ਨੇ ਇਹਵੀ ਦੱਸਿਆ ਕਿ ਆਜ਼ਾਦੀ ਮਗਰੋਂ ਪੰਜਾਬੀਆਂ ਨਾਲ ਉਹਨਾਂ ਦੇ ਆਪਣੇ ਹੀ ਮੁਲਕ ਵਿਚ ਧੋਖਾ ਕੀਤਾ ਗਿਆ ਤੇ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਗਿਆ ਤੇ ਸੂਬੇ ਨੂੰ ਇਸਦੀ ਰਾਜਧਾਨੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਦੇ ਧਾੜਵੀ ਪੰਜਾਬ ਦੀ 65,000 ਏਕੜ ਉਪਜਾਊ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਹਨਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜ਼ਮੀਨ ਹੜੱਪਣ ਦੀ ਸਕੀਮ ਦਾ ਪੁਰਜ਼ੋਰ ਵਿਰੋਧ ਕਰਨ ਤੇ ਚਾਰ ਵਿਸ਼ਾਲ ਧਰਨੇ ਦੇਣ ਦੇ ਨਾਲ-ਨਾਲ ਮੋਰਚਾ ਸ਼ੁਰੂ ਕਰਨ ਦੇ ਐਲਾਨ ਸਦਕਾ ਹੀ ਇਹ ਸਕੀਮ ਸਰਕਾਰ ਨੂੰ ਰੱਦ ਕਰਨੀ ਪਈ। ਉਹਨਾਂ ਕਿਹਾ ਕਿ ਪਾਰਟੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਜਾਰੀ ਰੱਖੇਗੀ ਅਤੇ ਇਹਨਾਂ ਖਿਲਾਫ ਜਨਤਕ ਰੋਸ ਪ੍ਰਦਰਸ਼ਨ ਵੀ ਕਰੇਗੀ।
Leave a Reply